Saturday, July 5, 2014

Seminar on 'Role of Family, Society & State in Education '

ਡਾਇਟ ਸ਼ੇਖੂਪੁਰ, ਕਪੂਰਥਲਾ ਵਿੱਚ ਸਿੱਖਿਆ ਸੰਬੰਧੀ ਸੈਮੀਨਾਰ












ਅੱਜ ਜ਼ਿਲਾ ਸਿਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਦੀ ਅਗਵਾਈ ਹੇਠ ਸੈਸ਼ਨ 2012-14 ਦੇ ਸਿਖਿਆਰਥੀਆਂ ਵੱਲੋਂ 'ਸਿਖਿਆ ਦੇ ਖੇਤਰ ਵਿੱਚ ਪਰਿਵਾਰ, ਸਮਾਜ ਅਤੇ ਸਟੇਟ ਦਾ ਯੋਗਦਾਨ' ਵਿਸ਼ੇ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਆਯੋਜਤ ਕੀਤਾ, ਜਿਸ ਵਿੱਚ ਲੈਕਚਰਾਰ ਸੀ ਗੁਰਚਰਨ ਸਿੰਘ ਚਾਹਲ, ਸ੍ਰੀ ਵਿਜੇ ਮਾਹਨਾ, ਸ੍ਰੀ ਝਿਰਮਲ ਸਿੰਘ ਮੁਲਤਾਨੀ, ਸ੍ਰੀਮਤੀ ਰੇਨੂੰ ਅਤੇ ਸ੍ਰੀਮਤੀ ਉਰਮਿਲਾ ਨੇ ਵੀ ਸ਼ਮੂਲੀਅਤ ਕੀਤੀ। ਸਿਖਿਆਰਥਣ ਅਮਰਜੀਤ ਕੌਰ ਨੇ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ। ਸੈਮੀਨਾਰ ਵਿੱਚ ਸਿਖਿਆਰਥੀ ਹਰਵਿੰਦਰਪਾਲ ਸਿੰਘ , ਸੁਖਚੈਨ ਕੌਰ ਅਤੇ ਅਤੁਲ ਨੇ ਸਿਖਿਆ ਦੇ ਖੇਤਰ ਵਿੱਚ ਕ੍ਰਮਵਾਰ ਘਰ, ਸਮਾਜ ਅਤੇ ਸਟੇਟ ਦੇ ਯੋਗਦਾਨ ਬਾਰੇ ਆਪਣੇ ਪਰਚੇ ਪੇਸ਼ ਕੀਤੇ। ਤਿੰਨਾਂ ਸਿਖਿਆਰਥੀਆਂ ਨੇ ਉਹਨਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ, ਜਿਹਨਾਂ ਵਿੱਚ ਇਹ ਸੰਸਥਾਵਾਂ ਆਪਣੀ ਬਣਦੀ ਭੂਮਿਕਾ ਨਿਭਾ ਸਕਦੀਆਂ ਹਨ। ਇਸ ਪਿਛੋਂ ਵੱਖ ਵੱਖ ਸਿਖਿਆਰਥੀਆਂ ਨੇ ਵਿਚਾਰ ਵਟਾਂਦਰੇ ਵਿੱਚ ਸ਼ਮੂਲੀਅਤ ਕੀਤੀ। ਨਵਰੂਪ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਤਜਿੰਦਰ ਸਿੰਘ ਤੇ ਗੌਰਵਦੀਪ ਸਿੰਘ ਨੇ ਪਰਿਵਾਰ ਦੀ ਸੰਸਥਾ ਨੂੰ ਮਹੱਤਵਪੂਰਨ ਦੱਸਦਿਆਂ ਇਸ ਦੇ ਬੱਚੇ ਦੀ ਸਿਖਿਆ ਉੱਤੇ ਪੈਂਦੇ ਪ੍ਰਭਾਵਾਂ ਦੀ ਚਰਚਾ ਕੀਤੀ। ਅਮਨਦੀਪ ਸਿੰਘ ਤੇ ਤਰਨਜੀਤ ਸਿੰਘ ਨੇ ਸਮਾਜ ਤੇ ਸਟੇਟ ਵੱਲੋਂ ਸਿਖਿਆ ਪ੍ਰਤੀ ਲੋੜੀਂਦੀ ਜ਼ਿੰਮੇਵਾਰੀ ਨਾ ਉਠਾਉਣ ਬਾਰੇ ਪ੍ਰਸ਼ਨ ਉਠਾਏ। ਰਮਨਦੀਪ ਕੌਰ ਨੇ ਕਿਹਾ ਕਿ ਸਿਖਿਆ ਨੂੰ ਸਮਾਜ ਵਿੱਚ ਲਿੰਗਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ ।ਮੋਹਿਤ ਅਨੰਦ ਨੇ ਸਿਖਿਆ ਦੇ ਖੇਤਰ ਵਿੱਚ ਪੈਸੇ ਦੀ ਹੋ ਗਈ ਘੁਸਪੈਠ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ।ਇਸੇ ਤਰ੍ਹਾਂ ਸੁਖਜਿੰਦਰ ਸਿੰਘ ਨੇ ਸਕਾਰਾਤਮਕ ਅਤੇ ਨਕਾਰਾਤਮਕ ਸਿਖਿਆ ਦੇ ਮੁੱਦੇ ਤੇ ਵਿਚਾਰ ਪ੍ਰਗਟਾਏ। ਪ੍ਰਧਾਨਗੀ ਮੰਡਲ ਵਿਚੋਂ ਸ੍ਰੀਮਤੀ ਉਰਮਿਲਾ ਨੇ ਸਕਾਰਾਤਮਕ ਸਿਖਿਆ ਦੀ ਲੋੜ ਉੱਤੇ ਜ਼ੋਰ ਦਿੱਤਾ। ਸ੍ਰੀ ਵਿਜੇ ਮਾਹਨਾ ਨੇ ਸਮਾਜ ਦੀਆਂ ਬੁਰਾਈਆਂ ਅਤੇ ਚੰਗਿਆਈਆਂ ਦੇ ਸਿਖਿਆ ਅਤੇ ਵਿਅਕਤੀ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ।ਸ੍ਰੀ ਗੁਰਚਰਨ ਸਿੰਘ ਚਾਹਲ ਨੇ ਸੈਮੀਨਾਰ ਸੱਭਿਆਚਾਰ ਬਾਰੇ ਬੋਲਦਿਆਂ ਕਿਹਾ ਕਿ ਇਹ ਸਾਨੂੰ ਆਪਣੀ ਆਲੋਚਨਾ ਸੁਨਣ ਦੇ ਯੋਗ ਬਣਾਉਂਦਾ ਹੈ। ਅੰਤ ਵਿੱਚ ਸੈਮੀਨਾਰ ਵਿਚਲੀ ਬਹਿਸ ਨੂੰ ਸਮੇਟਦਿਆਂ ਸ੍ਰੀ ਹਰਵਿੰਦਰ ਭੰਡਾਲ ਨੇ ਕਿਹਾ ਕਿ ਅੱਜ ਸਮਾਜ ਸਾਹਮਣੇ ਸਿਖਿਆ ਦੇ ਵਸਤੂਕਰਨ ਦੇ ਰੂਪ ਵਿੱਚ ਵੱਡੀ ਚੁਣੌਤੀ ਹੈ ਪ੍ਰੰਤੂ ਸਮਾਜ ਨੇ ਹਾਲੇ ਤੱਕ ਸਿਖਿਆ ਦੇ ਵਪਾਰੀਕਰਨ ਦੇ ਨਤੀਜਿਆਂ ਬਾਰੇ ਸੋਚਣਾ ਸ਼ੁਰੂ ਨਹੀਂ ਕੀਤਾ। ਇਸ ਸੈਮੀਨਾਰ ਦੌਰਾਨ ਸੰਸਥਾ ਦੇ ਸੈਸ਼ਨ 2012-14 ਦੇ ਸਿਖਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:

Post a Comment