Sunday, September 9, 2012


NEWSLETTER ਜੂਨ 2012(kapurthaladiet@gmail.com)


ਜ਼ਿਲਾ ਸਿੱਖਿਆ ਤੇ ਕਪੂਰਥਲਾ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ)



ਤਕਨਾਲੋਜੀ ਦਿਵਸ


ਜ਼ਿਲਾ ਸਿਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿੱਚ ਸਾਇੰਸ ਕਲੱਬ ਵੱਲੋਂ 11 ਮਈ ਨੂੰ ਤਕਨਾਲੋਜੀ ਦਿਵਸ ਮਨਾਇਆ ਗਿਆ। ਕਲੱਬ ਦੇ ਇੰਚਾਰਜ ਸ ਗੁਰਚਰਨ ਸਿੰਘ ਚਾਹਲ ਦੀ ਪਹਿਲਕਦਮੀ ਉੱਤੇ ਸਿਖਿਆਰਥੀਆਂ ਨੇ ਇਸ ਦਿਨ ਸਿੱਖਿਆ ਨਾਲ ਸੰਬੰਧਤ ਆਪਣੇ ਚੋਣਵੇਂ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ। ਸ ਗੁਰਚਰਨ ਸਿੰਘ ਚਾਹਲ  ਨੇ ਸਿਖਿਆਰਥੀਆਂ ਨੂੰ ਤਕਨਾਲੋਜੀ ਦੇ ਸੰਕਲਪ ਨੂੰ ਸਪਸ਼ਟ ਕਰਦਿਆਂ ਇਸ ਦੀ ਅਜੋਕੇ ਜੀਵਨ ਵਿੱਚ ਮਹੱਤਤਾ ਬਾਰੇ ਰੋਸ਼ਨੀ ਪਾਈ ਅਤੇ ਸਿੱਖਣ-ਸਹਾਇਕ ਸਮੱਗਰੀ ਤਿਆਰ ਕਰਨ ਸਮੇਂ ਸਿਖਿਆਰਥੀਆਂ ਨੂੰ ਵੱਖ ਵੱਖ ਤਰ੍ਹਾਂ ਦੀ ਤਕਨਾਲੋਜੀ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ। ਸਿਖਿਆਰਥੀਆਂ ਦੇ ਮਾਡਲਾਂ ਦਾ ਮੱਲਾਂਕਣ ਲੈਕਚਰਾਰ ਸ੍ਰੀ ਵਿਜੇ ਮਾਹਨਾ ਅਤੇ ਸ੍ਰੀ ਹਰਵਿੰਦਰ ਭੰਡਾਲ ਨੇ ਕੀਤਾ। ਸੰਸਥਾ ਦੇ ਪ੍ਰਿੰਸੀਪਲ ਸ੍ਰੀ ਧਰਮਿੰਦਰ ਰੈਨਾ ਨੇ ਸਮੂਹ ਇਨਾਮ ਜੇਤੂਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ। 

 

ਮਾਂ ਦਿਵਸ

 


14 ਮਈ ਨੂੰ ਸੰਸਥਾ ਦੇ ਭਾਸ਼ਾ ਕਲੱਬ ਵੱਲੋਂ ਸੰਸਥਾ ਵਿੱਚ ਮਾਂ ਦਿਵਸ ਮਨਾਇਆ ਗਿਆ। ਇਸ ਮੌਕੇ ਇੱਕ ਭਾਵਪੂਰਤ ਫੰਕਸ਼ਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਧਰਮਿੰਦਰ ਰੈਨਾ ਨੇ ਕੀਤੀ। ਭਾਸ਼ਾ ਕਲੱਬ ਦੇ ਇੰਚਾਰਜ ਸ੍ਰੀ ਹਰਵਿੰਦਰ ਭੰਡਾਲ ਨੇ ਮਾਂ ਦਿਵਸ ਫੰਕਸ਼ਨ ਦਾ ਸੰਚਾਲਨ ਕਰਦਿਆਂ ਇੱਕ ਸਿਰਜਣਹਾਰੀ ਵਜੋਂ ਮਾਂ ਦੇ ਰਿਸ਼ਤੇ ਦੀ ਮਹੱਤਤਾ ਬਾਰੇ ਦੱਸਿਆ। ਲੈਕਚਰਾਰ ਸ੍ਰੀ ਜੇ ਐੱਸ ਮੁਲਤਾਨੀ ਨੇ ਅਜੋਕੁ ਘਰੇਲੂ ਮਾਹੌਲ ਅੰਦਰ ਮਾਂ ਦੇ ਰਿਸ਼ਤੇ ਨੂੰ ਸਾਂਭ ਕੇ ਰੱਖਣ ਉੱਤੇ ਜ਼ੋਰ ਦਿੱਤਾ। ਸਿਖਿਆਰਥੀਆਂ ਵਿੱਚੋਂ ਕਮਲਪ੍ਰੀਤ ਕੌਰ ਅਤੇ ਨਾਨਕ ਚੰਦ ਨੇ ਮਾਂ ਨਾਲ ਜੁੜੀਆਂ ਭਾਵਨਾਵਾਂ ਪ੍ਰਗਟਾਉਂਦੀਆਂ ਆਪਣੀਆਂ ਮੌਲਿਕ ਕਵਿਤਾਵਾਂ ਪੜ੍ਹੀਆਂ। ਇਹਨਾਂ ਤੋਂ ਇਲਾਵਾ ਸ਼ਹਿਨਾਜ਼ ਬੀਬਾ, ਰੂਪ ਸਿੰਘ, ਸੀਰਾ ਰਾਮ, ਜਗਦੀਸ਼ ਕੁਮਾਰ ਤੇ ਕੁਲਵਿੰਦਰ ਕੌਰ ਨੇ ਗੀਤ ਅਤੇ ਨਵਜੀਤ ਕੌਰ ਤੇ ਨਵਦੀਪ ਕੌਰ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਬਹੁਤ ਸਾਰੇ ਸਿਖਿਆਰਥੀ ਭਾਵੁਕ ਹੁੰਦੇ ਨਜ਼ਰ ਆਏ। ਇਸੇ ਦਿਨ ਸਿਖਿਆਰਥੀਆਂ ਨੇ 'ਮੇਰੀ ਮਾਂ' ਵਿਸ਼ੇ Aੱਤੇ ਮੌਲਿਕ ਲੇਖ ਰਚਨਾ ਮੁਕਾਬਲੇ ਵਿੱਚ ਹਿੱਸਾ ਲਿਆ। ਦਲਜੀਤ ਕੌਰ ਦੇ ਲਿਖੇ ਲੇਖ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ। ਉਸ ਨੇ ਆਪਣਾ ਇਹ ਲੇਖ ਫੰਕਸ਼ਨ ਵਿੱਚ ਪੜ੍ਹ ਕੇ ਵੀ ਸੁਣਾਇਆ। ਇਸ ਮੁਕਾਬਲੇ ਵਿੱਚ ਲਖਵਿੰਦਰ ਕੌਰ ਨੇ ਦੂਸਰਾ ਅਤੇ ਇੰਦਰਪਾਲ ਕੌਰ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਫੰਕਸ਼ਨ ਵਿੱਚ ਹੀ ਸਭ ਇਨਾਮ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ। ਪ੍ਰਿੰਸੀਪਲ ਸ੍ਰੀ ਧਰਮਿੰਦਰ ਰੈਨਾ ਨੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਅੱਗੇ ਤੋਂ ਵੀ ਜਾਰੀ ਰੱਖਣ ਲਈ ਕਿਹਾ।

ਜੀਵ ਵਿਭਿੰਨਤਾ ਦਿਵਸ
ਈਕੋ ਕਲੱਬ ਵੱਲੋਂ 22 ਮਈ ਨੂੰ ਜੀਵ ਵਿਭਿੰਨਤਾ ਦਿਵਸ ਮੌਕੇ ਸੰਸਥਾ ਵਿੱਚ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਹ ਪ੍ਰਦਰਸ਼ਨੀ ਸੰਸਥਾ ਦੇ ਸਿਖਿਆਰਥੀਆਂ ਵੱਲੋਂ ਬਣਾਏ, ਧਰਤੀ ਉੱਤੇ ਜੀਵਨ ਦੀ ਵੰਨ-ਸੁਵੰਨਤਾ ਨੂੰ ਦਰਸਾਉਂਦੇ ਮਾਡਲ, ਚਾਰਟਾਂ ਅਤੇ ਤਸਵੀਰਾਂ ਉੱਤੇ ਅਧਾਰਤ ਸੀ।

ਤੰਬਾਕੂ ਵਿਰੋਧੀ ਦਿਵਸ ਅਤੇ ਚੇਤਨਾ ਮਾਰਚ

 



ਸੰਸਥਾ ਵਿੱਚ 31 ਮਈ ਦਾ ਤੰਬਾਕੂ ਵਿਰੋਧੀ ਦਿਵਸ ਹਰ ਤਰ੍ਹਾਂ ਦੇ ਨਸ਼ਿਆਂ ਵਿਰੁੱਧ ਚੇਤਨਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਸਿਖਿਆਰਥੀਆਂ ਅਤੇ ਸਟਾਫ ਵੱਲੋਂ ਸ਼ੇਖੂਪੁਰ ਨਗਰ ਵਿਖੇ ਚੇਤਨਾ ਮਾਰਚ ਕੱਢਿਆ ਗਿਆ। ਮਾਰਚ ਦੀ ਅਗਵਾਈ ਸੰਸਥਾ ਦੇ ਪਿੰਸੀਪਲ ਸ੍ਰੀ ਧਰਮਿੰਦਰ ਰੈਨਾ ਨੇ ਕੀਤੀ। Aਾਪਣੇ ਸੰਖੇਪ ਭਾਸ਼ਣ ਵਿੱਚ ਉਹਨਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਜੁਟਾਉਣ ਦੀ ਲੋੜ ਹੈ। ਸਿਖਿਆਰਥੀਆਂ ਦੇ ਸਤਲੁਜ, ਬਿਆਸ, ਰਾਵੀ, ਚਨਾਬ ਤੇ ਜਿਹਲਮ ਹਾਊਸਾਂ ਨੇ ਆਪਣੇ ਇੰਚਾਰਜਾਂ ਸਰਵਸ੍ਰੀ ਗੁਰਚਰਨ ਚਾਹਲ, ਜੇ ਐੱਸ ਮੁਲਤਾਨੀ, ਵਿਜੇ ਮਾਹਨਾ, ਹਰਵਿੰਦਰ ਭੰਡਾਲ ਅਤੇ ਸ੍ਰੀਮਤੀ ਰੇਨੂੰ ਦੀ ਪ੍ਰੇਰਨਾ ਨਾਲ ਨਸ਼ਿਆਂ ਵਿਰੁੱਧ ਦਿਲਚਸਪ ਨਾਅਰੇ, ਬੈਨਰ ਤੇ ਪੋਸਟਰ ਤਿਆਰ ਕੀਤੇ। ਸਿਖਿਆਰਥੀਆਂ ਨੇ ਨਾਅਰੇ ਮਾਰਦਿਆਂ ਨਗਰ ਵਿੱਚ ਮਾਰਚ ਕੀਤਾ ਜਿਸ ਨੂੰ ਨਗਰ ਨਿਵਾਸੀਆਂ ਨੇ ਦਿਲਚਸਪੀ ਨਾਲ ਦੇਖਿਆ ਅਤੇ ਸਰਾਹਿਆ। ਮੁੜ ਸੰਸਥਾ ਵਿੱਚ ਆ ਕੇ ਇਹ ਮਾਰਚ ਸਮਾਪਤ ਹੋਇਆ ਜਿਥੇ ਸਿਖਿਆਰਥੀਆਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਸੀ।ਇਸੇ ਦੌਰਾਨ ਹੀ ਸਿਖਿਆਰਥੀਆਂ ਨੇ ਨਸ਼ਾ ਵਿਰੋਧੀ ਕਵਿਤਾਵਾਂ, ਗੀਤ ਤੇ ਲੇਖ ਲਿਖ ਕੇ ਆਪਣੀ ਰਚਨਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਚਾਰਟ ਮਾਡਲਾਂ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ।